ਕੁੱਪ ਕਲਾਂ ਅਤੇ ਲਸੋਈ ਵਿਖੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਖੁੰਭਾਂ ਦੀ ਕਾਸ਼ਤ ਸਬੰਧੀ ਔਰਤਾਂ ਨੂੰ ਦਿੱਤੀ ਟ੍ਰੇਨਿੰਗ ਅਹਿਮਦਗੜ੍ਹ/ਮਾਲੇਰਕੋਟਲਾ 31 ਜਨਵਰੀ : ਦੇਸ਼ ਕਲਿੱਕ ਬਿਓਰੋ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ ਡਵੀਜਨ ਅਹਿਮਦਗੜ੍ਹ ਦੇ ਪਿੰਡ ਕੁੱਪ ਕਲਾਂ ਅਤੇ ਲਸੋਈ ਵਿਖੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਨੂੰ ਖੁੰਭਾਂ ਦੀ ਕਾਸ਼ਤ ਸਬੰਧੀ ਦੋ ਰੋਜਾ ਵਿਸ਼ੇਸ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ । ਸਬ ਇੰਸਪੈਕਟਰ ਬਾਗਵਾਨੀ ਵਿਭਾਗ ਮਾਲੇਰਕੋਟਲਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਖੁੰਭਾਂ ਦੀ ਖੇਤੀ ਲਈ ਜਨਵਰੀ ਮਹੀਨਾ ਲਾਹੇਵੰਦ ਹੁੰਦਾ ਹੈ ਅਤੇ ਇਸ ਮਹੀਨੇ ਵਿੱਚ ਖੁੰਭਾਂ ਲਗਾ ਕਿ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਖੁੰਭਾਂ ਦੀ ਕਾਸ਼ਤ ਕਰਨ ਨਾਲ ਜਿੱਥੇ ਸਾਨੂੰ ਆਰਗੈਨਿਕ ਸਬਜੀ ਖਾਣ ਲਈ ਮਿਲਦੀ ਹੈ ਉੱਥੇ ਇਹ ਸਿਹਤ ਲਈ ਵੀ ਬਹੁਤ ਗੁਣਕਾਰੀ ਹੁੰਦੀ ਹੈ। ਖੁੰਭਾਂ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਦਿਲ, ਕੈਂਸਰ, ਪਾਚਨ-ਤੰਤਰ, ਸ਼ੂਗਰ ਆਦਿ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਬਲਾਕ ਪ੍ਰੋਗਰਾਮ ਮੈਨੇਜਰ ਅਹਿਮਦਗੜ੍ਹ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਬਲਾਕ ਅਹਿਮਦਗੜ੍ਹ ਵੱਲੋਂ ਪਿੰਡਾਂ ਦੀਆਂ ਲੋੜਵੰਦ ਔਰਤਾਂ ਨੂੰ ਸਵੈ-ਸਹਾਇਤਾ ਸਮੂਹਾਂ ਨਾਲ ਜੋੜਿਆ ਜਾ ਰਿਹਾ ਹੈ। ਹੁਣ ਤੱਕ ਬਲਾਕ ਅਹਿਮਦਗੜ੍ਹ ਦੇ ਲਗਭਗ 33 ਪਿੰਡਾਂ ਵਿੱਚ ਸਵੈ-ਸਹਾਇਤਾ ਸਮੂਹ ਬਣਾਏ ਜਾ ਚੁੱਕੇ ਹਨ। ਇਹਨਾਂ ਸਮੂਹਾਂ ਨੂੰ ਸਰਕਾਰ ਵੱਲੋਂ ਦੱਸੇ ਗਏ ਨਿਯਮਾਂ ਅਨੁਸਾਰ ਪਾਲਣਾ ਕਰਨ ਤੇ ਪ੍ਰਤੀ ਸਮੂਹ ਤੀਹ ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਰਿਵਾਲਵਿੰਗ ਫੰਡ ਦੇ ਨਾਮ ਨਾਲ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵੀ ਫੰਡ ਸਮੇਂ-ਸਮੇਂ ਤੇ ਸਰਕਾਰ ਵੱਲੋਂ ਯੋਗ ਸਮੂਹਾਂ ਨੂੰ ਦਿੱਤੇ ਜਾਂਦੇ ਹਨ ਤਾਂ ਜੋ ਪਿੰਡਾਂ ਦੀਆਂ ਗਰੀਬ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ ਅਤੇ ਇਹ ਔਰਤਾਂ ਆਪਣੀ ਆਜੀਵਿਕਾ ਵਿੱਚ ਵਾਧਾ ਕਰ ਸਕਣ। ਬਲਾਕ ਪ੍ਰੋਗਰਾਮ ਮੈਨੇਜਰ ਆਜੀਵਿਕਾ ਮਿਸ਼ਨ ਵੱਲੋਂ ਅਪੀਲ ਕੀਤੀ ਗਈ ਕਿ ਬਲਾਕ ਅਹਿਮਦਗੜ੍ਹ ਦੇ ਬਾਕੀ ਪਿੰਡਾਂ ਦੀਆਂ ਔਰਤਾਂ ਵੱਧ ਤੋਂ ਵੱਧ ਸਮੂਹਾਂ ਨਾਲ ਜੁੜਨ ਤਾਂ ਜੋ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਘਰ-ਘਰ ਪਹੁੰਚ ਸਕੇ ਅਤੇ ਇਹ ਵੀ ਦੱਸਿਆ ਕਿ ਬਲਾਕ ਅਹਿਮਦਗੜ੍ਹ ਵਿੱਚ ਚੱਲ ਰਹੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ 300 ਖੁੰਭਾਂ ਦੀਆਂ ਇਹ ਬੀਜ ਕਿੱਟਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਤੋਂ ਆਈਆਂ ਔਰਤਾਂ ਆਰਤੀ ਮੌਰੀਆ, ਮਨਪ੍ਰੀਤ ਕੌਰ,ਲਖਵੀਰ ਕੌਰ, ਜਸਪ੍ਰੀਤ ਕੌਰ, ਹਰਪ੍ਰੀਤ ਕੌਰ, ਕਿਰਨਾ ਅਤੇ ਹੋਰ ਸਮੂਹਾਂ ਦੇ ਅਹੁਦੇਦਾਰ ਅਤੇ ਪਿੰਡ ਕੁੱਪ ਕਲਾਂ ਅਤੇ ਲਸੋਈ ਦੇ ਪਤਵੰਤੇ ਸੱਜਣ ਮੌਜੂਦ ਸਨ।
Continue Reading