ਨਵੀਂ ਦਿੱਲੀ, 29 ਅਗਸਤ, ਦੇਸ਼ ਕਲਿਕ ਬਿਊਰੋ :
ਕੇਂਦਰ ਸਰਕਾਰ ਨੇ ਅੱਜ ਮੰਗਲਵਾਰ ਨੂੰ ਘਰੇਲੂ ਗੈਸ ਸਿਲੰਡਰ (14.2 ਕਿਲੋਗ੍ਰਾਮ) ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟੌਤੀ ਕੀਤੀ ਹੈ। ਇਸ ਨਾਲ ਹੁਣ ਦਿੱਲੀ 'ਚ ਕੀਮਤ 1103 ਰੁਪਏ ਤੋਂ ਘੱਟ ਕੇ 903 ਰੁਪਏ, ਭੋਪਾਲ 'ਚ 908 ਰੁਪਏ, ਜੈਪੁਰ 'ਚ 906 ਰੁਪਏ 'ਤੇ ਆ ਗਈ ਹੈ। ਨਵੀਂ ਕੀਮਤ 30 ਅਗਸਤ ਯਾਨੀ ਰੱਖੜੀ ਵਾਲੇ ਦਿਨ ਤੋਂ ਲਾਗੂ ਹੋਵੇਗੀ।ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਓਨਮ ਅਤੇ ਰੱਖੜੀ ਦੇ ਤਿਉਹਾਰ 'ਤੇ ਕੀਮਤਾਂ ਘਟਾ ਕੇ ਭੈਣਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦੇਸ਼ ਦੇ 33 ਕਰੋੜ ਖਪਤਕਾਰਾਂ ਨੂੰ ਇਸ ਦਾ ਲਾਭ ਮਿਲੇਗਾ। ਇਸ ਫੈਸਲੇ ਨਾਲ ਵਿੱਤੀ ਸਾਲ 2023-24 'ਚ ਸਰਕਾਰ 'ਤੇ 7,680 ਕਰੋੜ ਰੁਪਏ ਦਾ ਬੋਝ ਪਵੇਗਾ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ 75 ਲੱਖ ਨਵੇਂ ਉੱਜਵਲਾ ਕੁਨੈਕਸ਼ਨ ਵੰਡੇਗੀ।