ਰਾਜਪੁਰਾ, 18 ਫਰਵਰੀ: ਦੇਸ਼ ਕਲਿੱਕ ਬਿਓਰੋ
ਅੱਜ ਇੱਥੇ ਚੰਡੀਗੜ੍ਹ ਰੋਡ 'ਤੇ ਸਥਿਤ ਐਸ ਪੀ ਐਸ ਵੇਅਰਹਾਊਸਿੰਗ ਅੱਗੇ ਕੱਲ ਸ਼ਾਮ ਤੋਂ ਦਿਨ -ਰਾਤ ਦਾ ਸ਼ੁਰੂ ਕੀਤਾ ਲਿਨਫੌਕਸ ਲੌਜਿਸਟਿਕ ( ਹਿੰਦੁਸਤਾਨ ਯੂਨੀਲੀਵਰ) ਮੋਹਨਪੁਰ ( ਖੰਨਾ) ਡੀਪੂ ਦੀ ਗੈਰ-ਕਾਨੂੰਨੀ ਤਾਲਾਬੰਦੀ ਦੇ ਸ਼ਿਕਾਰ ਕਾਮਿਆਂ ਨੇ ਆਪਣੇ ਪਰਿਵਾਰਾਂ/ ਬੱਚਿਆਂ ਸਮੇਤ ਭਰਾਤਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ( ਏਕਤਾ ਉਗਰਾਹਾਂ ) ਦੇ ਸਹਿਯੋਗ ਨਾਲ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਸ਼ੁਰੂ ਕੀਤਾ ਸੰਘਰਸ਼ ਦੂਜੇ ਦਿਨ 'ਚ ਪੁੱਜ ਗਿਆ। ਇਹ ਕਾਮੇ ਪਿਛਲੇ 5 ਮਹੀਨੇ ਤੋਂ ਪਹਿਲਾਂ ਖੰਨਾ ਖੇਤਰ 'ਚ ਰੁਜਗਾਰ ਬਹਾਲੀ ਤੇ ਹੱਕੀ ਮੰਗਾਂ ਤੁਰੰਤ ਮੰਨਣ ਦੀ ਮੰਗ ਲਈ ਜੂਝਦੇ ਆ ਰਹੇ ਹਨ ।
ਰੋਸ ਧਰਨੇ 'ਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਜਦੂਰਾਂ ਸਮੇਤ ਔਰਤਾਂ ਨੂੰ ਮਜਦੂਰ ਯੂਨੀਅਨ ਇਲਾਕਾ ਖੰਨਾ, ਮੋਲਡਰ ਐਡ ਸਟੀਲ ਵਰਕਰਜ਼ ਯੂਨੀਅਨ ਲੁਧਿਆਣਾ ਦੇ ਕ੍ਰਮਵਾਰ ਆਗੂਆਂ ਮਲਕੀਤ ਸਿੰਘ ਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 5 ਮਹੀਨਿਆਂ ਤੋਂ ਕੰਪਨੀ ਦੇ ਰੈਗੂਲਰ ਤੇ ਕੰਟਰੈਕਟ ਕਰਮਚਾਰੀਆਂ ਵਲੋਂ ਆਪਣੇ ਪੱਕੇ ਰੁਜਗਾਰ ਤੇ ਸੇਵਾ ਸ਼ਰਤਾਂ ਤੇ ਬਣਦੇ ਕਾਨੂੰਨੀ ਹੱਕਾਂ ਦੀ ਸੁਰੱਖਿਆ ਲਈ ਸਬੰਧਿਤ ਕਿਰਤ ਵਿਭਾਗ , ਹਲਕਾ ਵਿਧਾਇਕ ਸਾਹਿਬਾਨ, ਜਿਲ੍ਹਾ ਪ੍ਰਸ਼ਾਸ਼ਨ, ਮੁੱਖ ਮੰਤਰੀ, ਕਿਰਤ ਤੇ ਉਦਯੋਗ ਮੰਤਰੀ ਪੰਜਾਬ ਸਰਕਾਰ ਨੂੰ ਪ੍ਰਬੰਧਕਾਂ ਖਿਲਾਫ ਲਿਖਤੀ ਸ਼ਿਕਾਇਤਾਂ ਮੰਗ -ਪੱਤਰ ਦਿੱਤੇ ਹਨ। ਪਰੰਤੂ ਕਿਰਤੀਆਂ ਨੂੰ ਇਨਸਾਫ਼ ਨਾ ਮਿਲਣ ਕਾਰਨ ਲਗਾਤਾਰ ਜੂਝਦੇ ਆ ਰਹੇ ਹਨ। ਮਜਦੂਰ ਆਗੂਆਂ ਨੇ ਦੱਸਿਆ ਕਿ ਘਪ੍ਰਬੰਧਕਾ ਨੇ ਰੁਜਗਾਰ ਜਾਂ ਬੇਰੁਜ਼ਗਾਰੀ ਮੁਆਵਜ਼ਾ ਤੇ ਬਣਦੇ ਕਾਨੂੰਨੀ ਹੱਕ ਦੇਣ ਦੀ ਬਜਾਏ ਮਨਮਾਨੇ ਢੰਗ ਨਾਲ਼ ਕੁਝ ਰੈਗੂਲਰ ਤੇ ਕੰਟਰੈਕਟ ਕਰਮਚਾਰੀਆਂ ਦੇ ਖਾਤਿਆਂ ਵਿਚ " ਫੁੱਲ ਐਂਡ ਫਾਈਨਲ ਹਿਸਾਬ " ਭੇਜ ਕੇ ਕਿਰਤ ਵਿਭਾਗ 'ਚ ਪੈਂਡਿੰਗ ਮਸਲਿਆਂ ਤੋਂ ਪਾਸਾ ਵੱਟ ਲਿਆ ਸੀ , ਜਿਸ ਕਾਰਨ ਪਿਛਲੇ ਮਹੀਨੇ ਇੱਥੇ ਨਵੇਂ ਵੇਅਰਹਾਊਸ ਅੱਗੇ ਸਾਂਤੀਪੂਰਵਕ ਤਰੀਕੇ ਨਾਲ ਗੱਲਬਾਤ ਕਰਕੇ ਮਾਮਲਾ ਨਿਬੇੜਨ ਦੀ ਅਰਜ ਕੀਤੀ ਸੀ , ਜਿਸ ਨੂੰ ਸਥਾਨਕ ਪੁਲਿਸ-ਪ੍ਰਸ਼ਾਸ਼ਨ ਦੇ ਦਖਲ ਨਾਲ ਪ੍ਰਬੰਧਕਾਂ ਨੇ 2 ਫਰਵਰੀ ਨੂੰ ਮਾਮਲਾ ਨਿਬੇੜਨ ਦਾ ਭਰੋਸਾ ਸੀ।ਪਰੰਤੂ
ਪ੍ਰਬੰਧਕਾਂ ਨੇ ਰੈਗੂਲਰ ਕਰਮਚਾਰੀਆਂ ਨੂੰ ਰੁਜਗਾਰ ਜਾਂ ਬੇਰੁਜ਼ਗਾਰੀ ਮੁਆਵਜ਼ਾ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਤੇ ਕੰਟਰੈਕਟ ਕਰਮਚਾਰੀਆਂ ਦੀ ਬਕਾਇਆ ਗਰੈਯੂਇਟੀ, ਨੋਟਿਸ ਪੇਅ , ਦਸੰਬਰ ਮਹੀਨੇ ਦੀ ਤਨਖ਼ਾਹ ਆਦਿ ਦੇਣ ਲਈ 20 ਫਰਵਰੀ ਨਿਸਚਿਤ ਕੀਤੀ ਹੋਈ ਹੈ। ਪਰੰਤੂ ਪ੍ਰਬੰਧਕਾਂ ਨੇ ਯੋਜਨਾਬੱਧ ਢੰਗ ਨਾਲ ਕਿਰਤੀਆਂ ਦੇ ਹੱਕ ਮਾਰਨ ਦੀ ਮਨਸ਼ਾ ਨਾਲ ਤੇ ਕਿਰਤੀਆਂ ਨੂੰ ਲੰਮੀ , ਖਰਚੀਲੀ ਕਾਨੂੰਨੀ ਪ੍ਰਕਿਰਿਆ 'ਚ ਉਲਝਾਉਣ ਲਈ ਰਾਜਪੁਰੇ ਸਿਵਲ ਅਦਾਲਤ ਵਿਚ ਅਦਾਲਤੀ ਸਟੇਅ ਲੈਣ ਲਈ ਅਰਜੀ ਦਾਖਲ ਕਰ ਦਿੱਤੀ। ਧਰਨੇ 'ਚ ਭਰਾਤਰੀ ਹਮਾਇਤ ਲਈ ਪੁੱਜੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ) ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਜਸਵੰਤ ਸਿੰਘ, ਸਰਬਜੀਤ ਸਿੰਘ , ਹਿੰਦੋਸਤਾਨ ਯੂਨੀਲੀਵਰ ਇੰਪਲਾਈਜ਼ ਯੂਨੀਅਨ ( ਰਜਿ) ਏਟਕ ਰਾਜਪੁਰਾ ਦੇ ਸੋਨੀ ਰਾਣਾ , ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਿਹਾਰ ਸਿੰਘ ਨੇ ਵੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਪ੍ਰਬੰਧਕਾਂ ਦੇ ਮਜਦੂਰ ਵਿਰੋਧੀ ਕਦਮਾਂ ਦਾ ਵਿਰੋਧ ਕਰਨ ਤੇ ਰੁਜਗਾਰ ਤੇ ਬਣਦੇ ਹੱਕ ਬਹਾਲ ਕਰਵਾਉਣ ਲਈ ਅੱਜ ਪਰਿਵਾਰਾਂ /ਬੱਚਿਆਂ ਸਮੇਤ ਧਰਨਾ ਸ਼ੁਰੂ ਕੀਤਾ ਗਿਆ ਹੈ। ਅੱਜ ਦੇ ਧਰਨੇ ਨੂੰ ਉਕਤ ਮਜਦੂਰ ਆਗੂਆਂ ਤੋਂ ਇਲਾਵਾ ਸੰਘਰਸ਼ਸ਼ੀਲ ਮਜਦੂਰਾਂ ਚੋਂ ਸੁਰਿੰਦਰ ਸਿੰਘ, ਜਸਵਿੰਦਰ ਸਿੰਘ ਕੌੜੀ, ਗੁਰਵਿੰਦਰ ਸਿੰਘ ਬਿੰਦੀ, ਗੁਰਜੀਤ ਸਿੰਘ ਨੇ ਵੀ ਪ੍ਰਬੰਧਕਾਂ , ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਨੂੰ ਇਨਸਾਫ਼ ਨਾਂ ਦੇਣ ਦੇ ਜਿੰਮੇਵਾਰ ਦੱਸਦੇ ਹੋਏ ਮਾਮਲੇ ਦੇ ਨਿਪਟਾਰੇ ਤੱਕ ਘੋਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਿਉਂਕਿ ਉਹ ਆਪਣੇ ਖਾਣ-ਪੀਣ
ਦਾ ਸਮਾਨ ਤੇ ਰਾਤਾਂ ਕੱਟਣ ਲਈ ਕੰਬਲ /ਬਿਸਤਰੇ ਵਗੈਰਾ ਨਾਲ ਲੈ ਕੇ
ਆਏ ਹਨ। ਕਾਮਿਆਂ ਦੇ ਹੱਕੀ ਸੰਘਰਸ਼ ਰੌਂਅ ਨੂੰ ਦੇਖਦੇ ਹੋਏ ਸਥਾਨਕ ਪੁਲਿਸ ਪ੍ਰਸ਼ਾਸ਼ਨ ਦੇ ਦਖਲ ਨਾਲ ਪ੍ਰਬੰਧਕਾਂ ਨਾਲ 20 ਫਰਵਰੀ ਤੱਕ ਮੰਗਾਂ ਮੰਨਣ ਦਾ ਭਰੋਸਾ ਦਿੱਤਾ ।
ਇਸਦੇ ਨਾਲ ਹੀ ਸਹਿਮਤੀ ਬਣੀ ਕਿ ਮਾਮਲੇ ਦੇ ਨਿਪਟਾਰੇ ਤੱਕ ਸੰਘਰਸ਼ਸ਼ੀਲ ਕਾਮੇ ਪੁਰ-ਅਮਨ ਢੰਗ ਨਾਲ਼ ਧਰਨੇ 'ਚ ਬੈਠੇ ਰਹਿਣਗੇ। ਇਕੱਠ 'ਚ ਐਮ ਐਸ ਪੀ ਦੀ ਗਾਰੰਟੀ ਤੇ ਕਿਸਾਨ ਮੰਗਾਂ ਲਈ ਦਿੱਲੀ ਜਾ ਰਹੇ ਕਿਸਾਨਾਂ 'ਤੇ ਸੰਭੂ, ਖਨੌਰੀ ਬਾਰਡਰਾਂ 'ਤੇ ਰੋਕਾਂ ਲਾਉਣ, ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ, ਪੈਲੇਟ ਗੰਨਾ , ਲਾਠੀਚਾਰਜ ਤੇ ਬਾਅਦ ਇੱਕ ਜਖਮੀ ਕਿਸਾਨ ਦੀ ਮੌਤ 'ਤੇ ਦੁੱਖ 'ਚ ਸਰੀਕ।ਹੋ ਕੇ ਭਾਜਪਾ ਦੀ ਕੇਂਦਰ ਤੇ ਹਰਿਆਣਾ ਸਰਕਾਰ ਖਿਲਾਫ ਪੰਜਾਬ 'ਚ ਕਿਸਾਨ ਘੋਲ ਦਾ ਸਮਰਥਨ ਕੀਤਾ।