ਅਧਿਕਾਰੀਆਂ ਦੀ ਅਣਗਹਿਲੀ ਕਾਰਨ ਅਧਿਆਪਕ ਸੰਘਰਸ਼ ਲਈ ਮਜ਼ਬੂਰ
ਪੰਜਾਬ ਸਰਕਾਰ ਦੇ ਦੋ ਸਾਲ ਬੀਤ ਜਾਣ ਤੇ ਵੀ ਪੇਅ ਸਕੇਲ ਬਹਾਲੀ ਦਾ ਵਾਅਦਾ ਵਫ਼ਾ ਨਹੀਂ ਹੋਇਆ
ਦਲਜੀਤ ਕੌਰ
ਸੰਗਰੂਰ, 26 ਫਰਵਰੀ, 2024: ਸਿੱਖਿਆ ਵਿਭਾਗ ਵੱਲੋਂ ਪੇਅ ਫਿਕਸੇਸ਼ਨ ਵਿੱਚ ਦੇਰੀ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ 3704 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਮਾਸਟਰ ਕੇਡਰ ਦੀ ਭਰਤੀ ਫ਼ਰਵਰੀ 2021 ਵਿੱਚ ਹੋਈ ਸੀ। 15.01.15 ਦੇ ਮੁਲਾਜ਼ਮ ਮਾਰੂ ਨੋਟੀਫਿਕੇਸ਼ਨ ਦੇ ਤਹਿਤ ਅਧਿਆਪਕਾਂ ਨੂੰ ਤਿੰਨ ਸਾਲ ਦੇ ਪਰਖ਼ਕਾਲ ਦੌਰਾਨ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਨਾ ਪਿਆ। ਪਹਿਲੀ ਪੋਸਟਿੰਗ ਤੋਂ ਹੀ ਇਹ ਅਧਿਆਪਕ ਬਾਰਡਰ ਦੇ ਜ਼ਿਲ੍ਹਿਆਂ ਵਿੱਚ ਆਪਣੇ ਘਰਾਂ ਤੋਂ ਦੂਰ ਦੁਰਾਡੇ ਤਾਇਨਾਤ ਹਨ। ਜਿਸ ਕਰਕੇ ਇਹਨਾਂ ਦੀ ਤਨਖ਼ਾਹ ਦਾ ਵੱਡਾ ਹਿੱਸਾ ਤਾਂ ਇਹਨਾਂ ਦੇ ਉੱਥੇ ਰਿਹਾਇਸ਼ ਤੇ ਹੋਰ ਖਰਚੇ ਵਿੱਚ ਹੀ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਹੁਣ 3704 ਮਾਸਟਰ ਕੇਡਰ ਭਰਤੀ ਦੇ ਅਧਿਆਪਕਾਂ ਨੇ ਆਪਣਾਂ ਤਿੰਨ ਸਾਲ ਦਾ ਪਰਖ਼ਕਾਲ ਸਮਾਂ ਵੀ ਪੂਰਾ ਕਰ ਲਿਆ ਹੈ ਪਰੰਤੂ, ਸਕੂਲ ਸਿੱਖਿਆ ਵਿਭਾਗ ਵੱਲੋਂ ਅਜੇ ਤੱਕ ਉਹਨਾਂ ਦੀ ਪੇਅ ਫਿਕਸੇਸ਼ਨ ਸੰਬੰਧੀ ਸਪੱਸ਼ਟ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ। ਜਦੋਂ ਕਿ ਵਿਭਾਗ ਵੱਲੋਂ ਚਾਹੀਦਾ ਤਾਂ ਇਹ ਸੀ ਕਿ ਪਰਖ਼ਕਾਲ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਇਸ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ।
ਯੂਨੀਅਨ ਦੇ ਆਗੂਆਂ ਯਾਦਵਿੰਦਰ ਸਿੰਘ, ਦਵਿੰਦਰ ਕੁਮਾਰ, ਜਗਜੀਵਨਜੋਤ ਸਿੰਘ, ਜਸਵਿੰਦਰ ਸ਼ਾਹਪੁਰ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ 17 ਜੁਲਾਈ 2020 ਨੂੰ ਅਧੂਰੇ ਕੇਂਦਰੀ ਪੇਅ ਸਕੇਲਾਂ ਦਾ ਇਕ ਮੁਲਾਜ਼ਮ ਮਾਰੂ ਨੋਟੀਫਿਕੇਸ਼ਨ ਲਾਗੂ ਕੀਤਾ ਸੀ। ਜੋ ਪੇਅ ਸਕੇਲ ਨਾਂ ਤਾਂ ਪੰਜਾਬ ਦੇ ਸਨ ਤੇ ਨਾਂ ਹੀ ਪੂਰੀ ਤਰ੍ਹਾਂ ਕੇਂਦਰੀ ਪੇਅ ਸਕੇਲ ਹਨ। ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਂਣ ਤੋਂ ਪਹਿਲਾਂ ਇਹਨਾਂ ਦੇ ਅੱਜ ਦੇ ਵਿੱਤ ਮੰਤਰੀ ਸ਼੍ਰੀ ਹਰਪਾਲ ਚੀਮਾ ਨੇ ਸਾਡੇ ਧਰਨਿਆਂ ਵਿੱਚ ਆ ਕੇ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਪੰਜਾਬ ਦੇ ਸਮੂਹ ਮੁਲਾਜ਼ਮਾ ਤੇ ਪੰਜਾਬ ਦੇ ਪੇਅ ਸਕੇਲ ਬਹਾਲ ਕਰਾਂਗੇ ਤੇ ਇਹਨਾਂ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬਕਾਇਦਾ ਇਸ ਬਾਰੇ ਵੀਡੀਓ ਪਾ ਕੇ ਅਧੂਰੇ ਕੇਂਦਰੀ ਪੇਅ ਸਕੇਲਾਂ ਦੀ ਨਿਖੇਧੀ ਕੀਤੀ ਸੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਇਹ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਪੇਅ ਸਕੇਲ ਬਹਾਲ ਕਰਾਂਗੇ। ਪਰੰਤੂ ਇਸ ਸਰਕਾਰ ਦਾ ਦੋ ਸਾਲਾਂ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਇਹ ਵਾਅਦਾ ਵਫ਼ਾ ਨਹੀਂ ਹੋਇਆ।
ਇਸ ਦੇ ਨਾਲ ਹੀ ਹੁਣ ਸਕੂਲ ਸਿੱਖਿਆ ਵਿਭਾਗ ਵੱਲੋਂ ਪੇਅ ਫਿਕਸੇਸ਼ਨ ਸੰਬੰਧੀ ਸਪੱਸ਼ਟ ਹਦਾਇਤਾਂ ਜਾਰੀ ਕਰਨ ਵਿੱਚ ਦੇਰੀ ਕਰਕੇ ਅਧਿਆਪਕਾਂ ਦੇ ਜ਼ਖਮਾਂ ਤੇ ਲੂਣ ਪਾਉਣ ਦਾ ਕੰਮ ਕੀਤਾ ਹੈ ਤੇ ਅਧਿਆਪਕਾਂ ਨੂੰ ਅਜੇ ਵੀ ਨਿਗੁਣੀਆਂ ਤਨਖਾਹਾਂ ਲੈਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਸੂਬੇ ਦੇ ਮੁੱਖ ਮੰਤਰੀ ਤੇ ਬਾਕੀ ਮੰਤਰੀਆਂ ਵੱਲੋਂ ਹਰ ਸਟੇਜ ਤੇ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਵਾਸਤੇ ਗੱਲਬਾਤ ਦਾ ਰਾਹ ਹਮੇਸ਼ਾ ਖੁੱਲਾ ਹੈ। ਇਸ ਲਈ ਪਿਛਲੇ ਲਗਭਗ ਦੋ ਮਹੀਨੇ ਤੋਂ ਵਿਭਾਗ ਦੇ ਅਧਿਕਾਰੀਆਂ ਨਾਲ਼ ਵੱਖ ਵੱਖ ਸਮੇਂ ਰਾਬਤਾ ਵੀ ਕੀਤਾ ਗਿਆ ਹੈ। ਪਰ, ਅਧਿਕਾਰੀਆਂ ਨੇ ਇਸ ਸੰਬੰਧੀ ਅਜੇ ਤੱਕ ਵੀ ਕੋਈ ਫੈਸਲਾ ਨਹੀਂ ਲਿਆ। ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਜੇਕਰ ਇਸ ਹਫ਼ਤੇ ਵਿੱਚ ਪੇਅ ਫਿਕਸੇਸ਼ਨ ਸੰਬੰਧੀ ਸਪੱਸ਼ਟ ਹਦਾਇਤਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਤਾਂ ਅਸੀਂ ਸੰਘਰਸ਼ ਲਈ ਮਜਬੂਰ ਹੋਵਾਂਗੇ। ਜਿਸ ਦੇ ਤਹਿਤ ਸਭ ਤੋਂ ਪਹਿਲਾਂ ਜਥੇਬੰਦੀ ਦਾ ਮਾਸ ਡੈਪੂਟੇਸ਼ਨ 4 ਮਾਰਚ ਨੂੰ ਦਫ਼ਤਰ ਡਾਇਰੈਕਟਰ ਸਕੂਲ ਸਿੱਖਿਆ ਮੋਹਾਲੀ ਵੱਖ ਵੱਖ ਅਧਿਕਾਰੀਆਂ ਨੂੰ ਮਿਲਣ ਜਾਵੇਗਾ। ਇਸ ਤੋਂ ਬਾਅਦ ਤੁਰੰਤ ਸੂਬਾਈ ਮੀਟਿੰਗ ਕਰਕੇ ਆਪਣੀਆਂ ਹੱਕਾਂ ਮੰਨਵਾਉਣ ਵਾਸਤੇ ਵੱਡਾ ਸੰਘਰਸ਼ ਪੰਜਾਬ ਸਰਕਾਰ ਦੇ ਖ਼ਿਲਾਫ਼ ਵਿੱਢਿਆ ਜਾਊਂਗਾ।
ਇਸ ਮੌਕੇ ਦਵਿੰਦਰ ਖੇੜਾ, ਗੁਰਪ੍ਰੀਤ ਸਿੰਘ, ਵਿਕਰਮ ਸਿੰਘ, ਪਿੰਟੂ ਬਿਸ਼ਨੋਈ, ਬਲਵੰਤ ਸਿੰਘ, ਪੱਪੂ ਸਿੰਘ, ਮਨਜਿੰਦਰ ਸਿੰਘ, ਹਰਮੀਤ ਸਿੰਘ ਆਦਿ ਆਗੂ ਮੌਜੂਦ ਸਨ।