ਮੋਹਾਲੀ, 5 ਅਗਸਤ, ਦੇਸ਼ ਕਲਿਕ ਬਿਊਰੋ :
ਮੋਹਾਲੀ ਦੇ ਪਿੰਡਾਂ ਝਾਮਪੁਰ, ਤੀੜਾ ਅਤੇ ਤਿਊੜ ਦੇ ਲੋਕਾਂ ਨੇ ਕੱਚੇ ਰਸਤੇ ਨੂੰ ਬੰਦ ਕਰਨ ਕਾਰਨ ਚੰਡੀਗੜ੍ਹ ਅਤੇ ਮੋਹਾਲੀ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸੜਕ ਜਾਮ ਕਰ ਦਿੱਤੀ। ਇਹ ਪ੍ਰਦਰਸ਼ਨ ਚੰਡੀਗੜ੍ਹ-ਮੋਹਾਲੀ ਵਿਚਕਾਰ ਕੱਚੇ ਰਸਤੇ ਨੂੰ ਬੰਦ ਕਰਨ ਕਾਰਨ ਕੀਤਾ ਗਿਆ।
ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੋਸ਼ ਲਾਇਆ ਕਿ ਜੇਕਰ ਪਿੰਡ ਝਾਮਪੁਰ, ਤੀੜਾ ਅਤੇ ਤਿਊੜ ਦੇ ਲੋਕਾਂ ਨੇ ਚੰਡੀਗੜ੍ਹ ਜਾਣਾ ਹੁੰਦਾ ਤਾਂ ਉਹ ਇਸ ਰਸਤੇ ਰਾਹੀਂ 15 ਮਿੰਟਾਂ ਵਿੱਚ ਚੰਡੀਗੜ੍ਹ ਪਹੁੰਚ ਜਾਂਦੇ ਸਨ, ਪਰ ਹੁਣ ਉਨ੍ਹਾਂ ਨੂੰ ਮੁਹਾਲੀ ਤੋਂ ਤਿੰਨ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਚੰਡੀਗੜ੍ਹ ਜਾਣਾ ਪੈਂਦਾ ਹੈ, ਜਿਸ ਕਾਰਨ ਜ਼ਿਆਦਾ ਸਮਾਂ ਲੱਗ ਰਿਹਾ ਹੈ ਅਤੇ ਉਨ੍ਹਾਂ ਦੇ ਪੈਸੇ ਵੀ ਬਰਬਾਦ ਹੋ ਰਹੇ ਹਨ।
ਝਾਮਪੁਰ ਵਾਸੀ ਸੰਦੀਪ ਨੇ ਦੱਸਿਆ ਕਿ ਇਸ ਸੜਕ ਨੂੰ ਕੰਕਰੀਟ ਪਾ ਕੇ ਬੰਦ ਕੀਤਾ ਗਿਆ ਹੈ, ਜਿਸ ’ਤੇ ਪਿੰਡ ਦੇ ਲੋਕਾਂ ਨੇ ਕਰੀਬ ਦੋ ਘੰਟੇ ਜਾਮ ਲਾਇਆ। ਅਜਿਹੇ 'ਚ ਸੜਕ 'ਤੇ ਲੰਮਾ ਜਾਮ ਲੱਗ ਗਿਆ ਅਤੇ ਪੁਲਸ ਪ੍ਰਸ਼ਾਸਨ ਨੇ ਆ ਕੇ ਸਥਿਤੀ ਨੂੰ ਸੰਭਾਲਿਆ। ਜਲਦੀ ਹੀ ਸੜਕ ਨੂੰ ਖੁਲ੍ਹਵਾਉਣ ਦੇ ਭਰੋਸੇ ਤੋਂ ਬਾਅਦ ਪਿੰਡ ਵਾਸੀ ਸ਼ਾਂਤ ਹੋਏ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇੱਕ ਹਫ਼ਤੇ ਅੰਦਰ ਸੜਕ ਨਾ ਖੋਲ੍ਹੀ ਗਈ ਤਾਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।