ਦੋ ਰੋਜ਼ਾ ਕੈਨੇਡੀਅਨ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ ਸੰਪਨ ਹੋਇਆ
ਵਿਦਿਅਕ ਤੇ ਸਾਹਿਤਕ ਵਰਕਸ਼ਾਪਾਂ ਲਾਈ ਸਹਿਯੋਗ ਦਿੱਤਾ ਜਾਏਗਾ: ਇੰਦਰਦੀਪ ਸਿੰਘ ਚੀਮਾ
ਹਰਦੇਵ ਚੌਹਾਨ
ਟੋਰਾਂਟੋ: 21 ਅਗਸਤ, 2024
ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ, ਆਰਟ ਗੈਲਰੀ, ਬਰਲਿੰਗਟਨ, ਉਨਟਾਰੀਓ, ਕੇਨੇਡਾ ਵਿਖੇ ਜਗਤ ਪੰਜਾਬੀ ਸਭਾ, ਕੈਨੇਡਾ ਦੇ ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਡਾਕਟਰ ਸੰਤੋਖ ਸਿੰਘ ਸੰਧੂ, ਪ੍ਰਧਾਨ ਓਐਫਸੀ, ਸਹਿਜ ਕੌਰ ਮਾਂਗਟ, ਸਰਦੂਲ ਸਿੰਘ ਥਿਆੜਾ, ਸ਼੍ਰੀਮਤੀ ਬਲਵਿੰਦਰ ਚੱਠਾ ਅਤੇ ਈਸਟਵੁਡ ਸੀਡੀ ਡਿਵੈਲਪਰਜ ਕੰਪਨੀ ਦੇ ਚੇਅਰਮੈਨ ਸਰਦਾਰ ਇੰਦਰਦੀਪ ਸਿੰਘ ਚੀਮਾ ਦੁਆਰਾ ਕੈਨੇਡਾ ਵਿੱਚ ਭਾਰਤੀ ਰਾਜਦੂਤ ਸ੍ਰੀ ਸੰਜੇ ਕੁਮਾਰ ਵਰਮਾ ਦੀ ਹਾਜ਼ਰੀ ਵਿੱਚ ਅਣਵੰਡੇ ਪੰਜਾਬ ਅਤੇ ਪੰਜਾਬੀ ਨਾਇਕਾਂ ਦੇ ਪੋਸਟਰ ਜਾਰੀ ਕਰਨ ਦੇ ਨਾਲ ਡਾ. ਸਤਿੰਦਰ ਕੌਰ ਕਾਹਲੋਂ ਤੇ ਗੁਰਬੀਰ ਸਿੰਘ ਸਰੌਦ ਨੂੰ ਕਰਮਵਾਰ ਅੰਮ੍ਰਿਤਾ ਪ੍ਰੀਤਮ ਤੇ ਡਾ. ਸੁਰਜੀਤ ਪਾਤਰ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਆਯੋਜਿਤ ਹੋਈ 10 ਵੀਂ ਵਰਲਡ ਪੰਜਾਬੀ ਕਾਨਫਰੰਸ ਦੌਰਾਨ ਈਸਟਵੁਡ ਸੀਡੀ ਡਿਵੈਲਪਰਜ ਕੰਪਨੀ ਦੇ ਚੇਅਰਮੈਨ ਸਰਦਾਰ ਇੰਦਰਦੀਪ ਸਿੰਘ ਚੀਮਾ ਨੇ ਅੰਮ੍ਰਿਤਾ ਪ੍ਰੀਤਮ ਤੇ ਡਾ. ਸੁਰਜੀਤ ਪਾਤਰ ਯਾਦਗਾਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ। ਉਸ ਵੇਲੇ ਹਾਜ਼ਰ ਰਹੇ ਸ੍ਰੀ ਬਾਲ ਮੁਕੰਦ ਸ਼ਰਮਾ, ਚੇਅਰਮੈਨ, ਫੂਡ ਕਮਿਸ਼ਨ ਪੰਜਾਬ ਨੇ ਇਹ ਅਵਾਰਡ ਦੇਣ ਲਈ ਡਾਕਟਰ ਰਮਣੀ ਬਤਰਾ, ਸੁਰਜੀਤ ਸਿੰਘ ਥਿਆੜਾ, ਪ੍ਰਧਾਨ ਜਗਤ ਪੰਜਾਬੀ ਸਭਾ ਅਤੇ ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਨੂੰ ਯੋਗ ਹਸਤੀਆਂ ਲੱਭਣ ਅਤੇ ਚੁਣਨ ਲਈ ਕਿਹਾ ਸੀ। ਚੋਣ ਕਮੇਟੀ ਨੇ ਡਾ. ਸਤਿੰਦਰ ਕੌਰ ਕਾਹਲੋਂ ਤੇ ਗੁਰਬੀਰ ਸਿੰਘ ਸਰੌਦ ਨੂੰ ਅੰਮ੍ਰਿਤਾ ਪ੍ਰੀਤਮ ਤੇ ਡਾ. ਸੁਰਜੀਤ ਪਾਤਰ ਯਾਦਗਾਰੀ ਪੁਰਸਕਾਰ ਦੇਣ ਲਈ ਚੁਣਿਆ ਸੀ। ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ ਦੌਰਾਨ ਇਹ ਅਵਾਰਡ ਕੈਨੇਡਾ ਵਿੱਚ ਭਾਰਤੀ ਰਾਜਦੂਤ ਸ੍ਰੀ ਸੰਜੇ ਕੁਮਾਰ ਵਰਮਾ ਵਰਮਾ ਨੇ ਆਪਣੇ ਹੱਥੀ ਡਾਕਟਰ ਕਾਹਲੋਂ ਅਤੇ ਸਰੌਦ ਹੁਰਾਂ ਨੂੰ ਦਿੱਤੇ ਜਿਸ ਵਿੱਚ 51 ਹਜਾਰ ਰੁਪਏ ਨਗਦ, ਸਰਟੀਫਿਕੇਟ ਅਤੇ ਸਨਮਾਨ ਚਿੰਨ ਸ਼ਾਮਿਲ ਸੀ।
ਲਿਟਰੇਰੀ ਫੈਸਟੀਵਲ ਦੌਰਾਨ ਮਕਬੂਲ ਸਹਿਤਕਾਰਾ ਸੁਰਜੀਤ ਕੌਰ, ਸਰਦਾਰ ਸੰਤੋਖ ਸਿੰਘ ਸੰਧੂ, ਪਿਆਰਾ ਸਿੰਘ ਕੁੱਦੋਵਾਲ, ਡਾਕਟਰ ਸਤਿੰਦਰ ਕਾਹਲੋਂ ਤੇ ਸਹਿਜ ਕੌਰ ਨੇ ਪੰਜਾਬੀ ਸਾਹਿਤ ਤੇ ਸਾਹਿਤਕਾਰਾਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਇਸ ਮੌਕੇ ਹਿੰਦੂ ਧਰਮ, ਗੁਰੂ ਕੁਲ ਸਿੱਖਿਆ, ਕਸ਼ਮੀਰੀ, ਹਿੰਦੀ, ਪੰਜਾਬੀ ਅਤੇ ਉਰਦੂ ਸਾਹਿਤ ਬਾਰੇ ਨਾਮਵਰ ਲੇਖਕਾਂ ਨੇ ਜਿਕਰ ਤੇ ਫਿਕਰ ਕੀਤਾ।
ਸਰਦਾਰ ਇੰਦਰਦੀਪ ਸਿੰਘ ਚੀਮਾ ਇਹ ਐਲਾਨ ਵੀ ਕੀਤਾ ਕਿ ਨਵੇਂ ਸਾਲ ਦੌਰਾਨ ਗੁਣਾਤਮਕ ਵਿਦਿਅਕ ਤੇ ਸਾਹਿਤਕ ਪਸਾਰ ਲਈ ਭਾਰਤ ਵਿੱਚ ਲਾਈਆਂ ਜਾਣ ਵਾਲੀਆਂ ਵਰਕਸ਼ਾਪਾਂ ਲਈ ਵੀ ਸਹਿਯੋਗ ਦਿੱਤਾ ਜਾਏਗਾ।
ਜ਼ਿਕਰ ਯੋਗ ਹੈ ਕਿ ਇਹ ਦੋ ਰੋਜ਼ਾ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ ਤਾਹਿਰ ਅਸਲਮ ਗੋਰਾ ਤੇ ਟੈਗ ਟੀਵੀ ਦੁਬਾਰਾ ਆਯੋਜਿਤ ਕੀਤਾ ਗਿਆ ।