Hindi English Tuesday, 17 September 2024 🕑
BREAKING
ਪੁਲਿਸ ਵੱਲੋਂ ਮਾਲਵਿੰਦਰ ਸਿੰਘ ਮਾਲੀ ਪਟਿਆਲਾ ਤੋਂ ਗ੍ਰਿਫਤਾਰ ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਨੂੰ ਤਰੱਕੀ ਦੇ ਬਣਾਇਆ ਲੈਕਚਰਾਰ ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ ਪੰਜਾਬ 'ਚ ਅਵਾਰਾ ਕੁੱਤਿਆਂ ਵਲੋਂ ਘਰ ਬਾਹਰ ਖੇਡ ਰਹੀ 2 ਸਾਲਾ ਬੱਚੀ ‘ਤੇ ਹਮਲਾ ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਸੜਕ ’ਤੇ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 4 ਦੀ ਮੌਤ ਪੰਜਾਬ ਸਰਕਾਰ ਵੱਲੋਂ ਸਕੱਤਰੇਤ ਪੱਧਰ 'ਤੇ ਓ.ਐਸ.ਡੀ ਦੀ ਅਸਾਮੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ: ਡਾ.ਬਲਜੀਤ ਕੌਰ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ 'ਤੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ, ਚੱਲਿਆ ਮਿਹਣਿਆਂ ਦਾ ਦੌਰ MP ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਨੇ NSA ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ ਅਕਾਲੀ ਆਗੂ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਨਹੀਂ ਰਹੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦਸ ਕਿੱਲੋ ਹੈਰੋਇਨ ਸਮੇਤ ਚਾਰ ਨਸ਼ਾ ਤਸਕਰ ਗ੍ਰਿਫਤਾਰ

ਲੇਖ

More News

ਰੈਜੀਡੈਂਟ ਡਾਕਟਰਾਂ ਨਾਲ ਹੁੰਦੀਆਂ ਵਧੀਕੀਆਂ

Updated on Wednesday, August 21, 2024 13:45 PM IST

ਡਾ. ਗੁਰਤੇਜ ਸਿੰਘ

ਬੀਤੀ 9 ਅਗਸਤ 2024 ਨੂੰ ਕੋਲਕਾਤਾ ਦੇ ਇੱਕ ਸਰਕਾਰੀ ਮੈਡੀਕਲ ਕਾਲਜ ਆਰ.ਜੀ. ਕਰ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਹੀ ਇੱਕ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਦੀ ਮੰਦਭਾਗੀ ਘਟਨਾ ਨੇ ਮੈਡੀਕਲ ਖੇਤਰ ਦੇ ਨਾਲ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿਸ ਨੇ ਔਰਤਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਹਾਸ਼ੀਏ 'ਤੇ ਪਹੁੰਚੇ ਹੋਣ ਦੀ ਗਵਾਹੀ ਭਰੀ ਹੈ। ਇਹ ਰੈਜੀਡੈਂਟ ਡਾਕਟਰ ਲਗਤਾਰ ਡਿਉਟੀਆਂ ਕਰਦੇ ਰਹਿਣ ਕਾਰਨ ਮਾਨਸਿਕ ਸੰਤਾਪ ਭੋਗਦੇ ਹਨ ਤੇ ਅਕਸਰ ਅਜਿਹੀਆਂ ਦਿਲ ਕੰਬਾਊ ਘਟਨਾਵਾਂ ਦਾ ਸਿਕਾਰ ਹੋ ਜਾਂਦੇ ਹਨ। ਇਹ ਰੈਜੀਡੈਂਟ ਡਾਕਟਰ ਵੀ 36 ਘੰਟਿਆਂ ਤੋਂ ਵੀ ਜਿਆਦਾ ਲੰਮੇ ਸਮੇਂ ਤੋਂ ਆਪਣੀ ਡਿਉਟੀ 'ਤੇ ਤਾਇਨਾਤ ਸੀ। ਆਪਣੇ ਜੂਨੀਅਰ ਡਾਕਟਰਾਂ ਨਾਲ ਉਸ ਨੇ ਰਾਤ ਦਾ ਖਾਣਾ ਖਾਧਾ ਤੇ ਆਪਣੇ ਮਰੀਜ਼ਾਂ ਤੋਂ ਵਿਹਲੇ ਹੋ ਕੇ ਉਹ ਕੁਝ ਸਮਾ ਸੈਮੀਨਾਰ ਹਾਲ ਵਿੱਚ ਅਰਾਮ ਕਰਨ ਲਈ ਗਈ ਸੀ ਜਿੱਥੇ ਉਸ ਨਾਲ ਇਸ ਪੱਧਰ ਦੀ ਵਧੀਕੀ ਹੋਈ ਕਿ ਅਗਲੇ ਦਿਨ ਉਸ ਦੀ ਅਰਧ ਨਗਨ ਮ੍ਰਿਤਕ ਦੇਹ ਦੇਖਣ ਵਾਲਿਆਂ ਦਾ ਕਲੇਜਾ ਫਟ ਗਿਆ ਸੀ। ਪੋਸਟਮਾਰਟਮ ਦੀ ਰਿਪੋਰਟ ਆਈ, ਉਸ ਨੂੰ ਪੜ੍ਹ ਸੁਣ ਕੇ ਲੂ ਕੰਡੇ ਖੜੇ ਹੁੰਦੇ ਹਨ ਤੇ ਉਨ੍ਹਾਂ ਹੈਵਾਨਾਂ ਦੀ ਹੈਵਾਨੀਅਤ ਅੱਖਾਂ ਸਾਹਮਣੇ ਕਿਸੇ ਰੀਲ ਵਾਂਗ ਘੁੰਮ ਜਾਂਦੀ ਹੈ। ਇਸ ਦੇ ਵਿਰੋਧ ਵਿੱਚ ਦੇਸ਼ ਦੇ ਸਾਰੇ ਡਾਕਟਰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਐਮਰਜੈਂਸੀ ਸੇਵਾਵਾਂ ਤੋਂ ਬਿਨਾਂ ਬਾਕੀ ਸੇਵਾਵਾਂ ਠੱਪ ਹੋ ਗਈਆਂ ਸਨ। ਹੁਣ ਇਹ ਵੱਡਾ ਸਵਾਲ ਹੈ ਕਿ ਲੋਕਾਂ ਦੀ ਜਾਨ ਬਚਾਉਣ ਵਾਲੇ ਇਨ੍ਹਾਂ ਡਾਕਟਰਾਂ ਦੇ ਜਾਨ ਮਾਲ ਦੀ ਰਾਖੀ ਲਈ ਕੌਣ ਜ਼ਿੰਮੇਵਾਰ ਹੈ।

ਰੈਜੀਡੈਂਟ ਡਾਕਟਰ ਹਸਪਤਾਲਾਂ ਦੀ ਰੀੜ ਦੀ ਹੱਡੀ ਹੁੰਦੇ ਹਨ ਇਨ੍ਹਾਂ ਤੋਂ ਬਗੈਰ ਮਰੀਜ਼ਾਂ ਦੀ ਸੁਚੱਜੀ ਦੇਖਭਾਲ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸੀਨੀਅਰ ਡਾਕਟਰ ਓ.ਪੀ.ਡੀ. ਸੇਵਾਵਾਂ ਦੇਣ ਨਾਲ ਪ੍ਰਬੰਧਕੀ ਕੰਮ ਦੇਖਦੇ ਹਨ ਜਿਸ ਕਾਰਨ ਉਹ ਹਰ ਵੇਲੇ ਹਾਜ਼ਰ ਨਹੀਂ ਹੋ ਸਕਦੇ ਜਿਸ ਕਰਕੇ ਇਹ ਰੈਜੀਡੈਂਟ ਹਰ ਸਮੇਂ ਆਪਣੀ ਡਿਉਟੀ 'ਤੇ ਤਾਇਨਾਤ ਮਿਲਦੇ ਹਨ। ਮਰੀਜ਼ਾਂ ਦੇ ਰਿਸ਼ਤੇਦਾਰ ਅਕਸਰ ਇਨ੍ਹਾਂ ਨਾਲ ਖਹਿਬੜਦੇ ਹਨ। ਮਰਨ ਦੀ ਕਗਾਰ 'ਤੇ ਪਏ ਮਰੀਜ਼ ਨੂੰ ਨਾ ਬਚਾ ਸਕਣ ਕਰਕੇ ਆਮ ਤੌਰ 'ਤੇ ਲੋਕ ਇਨ੍ਹਾਂ ਨਾਲ ਗਾਲੀ-ਗਲੌਚ ਕਰਦੇ ਹਨ, ਮਾਰ ਕੁਟਾਈ ਤੱਕ ਕਰਦੇ ਹਨ। ਮਈ 2023 ਵਿੱਚ ਕੇਰਲ ਦੇ ਇਕ ਹਸਪਤਾਲ ਵਿੱਚ ਇਲਾਜ਼ ਲਈ ਲਿਆਂਦੇ ਮਰੀਜ਼ ਨੇ ਉੱਥੇ ਤਾਇਨਾਤ ਮਹਿਲਾ ਡਾਕਟਰ ਵੰਦਨਾ ਦਾਸ 'ਤੇ ਨਸ਼ੇ ਦੀ ਹਾਲਤ ਵਿੱਚ ਜਾਨ ਲੇਵਾ ਹਮਲਾ ਕੀਤਾ ਸੀ, ਸਾਰੇ ਉਸ ਡਾਕਟਰ ਨੂੰ ਇਕੱਲਾ ਛੱਡ ਕੇ ਦੌੜ ਗਏ ਸਨ ਜਿਸ ਕਾਰਨ ਡਾਕਟਰ ਗ਼ੰਭੀਰ ਰੂਪ 'ਚ ਜ਼ਖਮੀ ਹੋ ਗਈ ਸੀ ਤੇ ਕੁਝ ਸਮੇ ਬਾਅਦ ਉਸ ਦੀ ਮੌਤ ਹੋ ਗਈ ਸੀ। ਸਾਲ 2019 ਵਿੱਚ ਕੋਲਕਾਤਾ (ਕਲਕੱਤਾ) ਦੇ ਇੱਕ ਹਸਪਤਾਲ ਵਿੱਚ ਇੱਕ ਬਜ਼ੁਰਗ ਦੀ ਮੌਤ ਤੋਂ ਭੜਕੇ ਲੋਕਾਂ ਨੇ ਉੱਥੇ ਤਾਇਨਾਤ ਸਿਹਤ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਸੀ ਜਿਸ ਕਾਰਨ ਇੱਕ ਡਾਕਟਰ ਦੇ ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ ਤੇ ਦੂਜੇ ਗੰਭੀਰ ਰੂਪ 'ਚ ਜ਼ਖਮੀ ਹੋਏ ਸਨ। ਉਸ ਵਕਤ ਇਸ ਹੌਲਨਾਕ ਘਟਨਾ ਦੇ ਵਿਰੋਧ 'ਚ ਸਮੂਹ ਡਾਕਟਰ ਭਾਈਚਾਰੇ ਨੇ ਦੇਸ਼ ਵਿਆਪੀ ਹੜਤਾਲ ਕਰਕੇ ਰੋਸ ਪ੍ਰਗਟਾਇਆ ਸੀ।

ਇਹ ਵੀ ਪੜ੍ਹੋ: ਮਹਾਰਾਸ਼ਟਰ ‘ਚ ਬੱਚੀਆਂ ਦੇ ਜਿਨਸੀ ਸ਼ੋਸ਼ਣ ਖਿਲਾਫ ਭੀੜ ਵੱਲੋਂ ਸਕੂਲ ‘ਚ ਭੰਨ-ਤੋੜ,ਟ੍ਰੇਨਾਂ ਰੋਕੀਆਂ

ਮੈਡੀਕਲ ਵਿਦਿਆਰਥੀਆਂ ਖਾਸ ਕਰਕੇ ਰੈਜੀਡੈਂਟ ਡਾਕਟਰਾਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਸਮਾਜ ਅਨਜਾਣ ਹੈ। ਇਨ੍ਹਾਂ ਦੁਆਰਾ ਭੋਗੇ ਜਾ ਰਹੇ ਮਾਨਸਿਕ ਸੰਤਾਪ ਨੂੰ ਕੋਈ ਸਮਝਣ ਲਈ ਤਿਆਰ ਨਹੀਂ ਹੈ। ਇਨ੍ਹਾਂ ਦੇ ਸੀਨੀਅਰ ਡਾਕਟਰ, ਵਿਭਾਗ ਮੁਖੀ ਇਨ੍ਹਾਂ ਨੂੰ ਮਨੁੱਖ ਨਾ ਸਮਝ ਕੇ ਪਸ਼ੂਆਂ ਦੀ ਤਰ੍ਹਾਂ ਨਿਰੰਤਰ ਕੰਮ ਲੈਂਦੇ ਹਨ, ਉਨ੍ਹਾਂ ਦੀਆਂ ਮਜਬੂਰੀਆਂ ਦਾ ਲਾਹਾ ਲੈਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ। ਮਹਿਲਾ ਵਿਦਿਆਰਥੀਆਂ ਦਾ ਵਿਭਾਗ ਮੁਖੀ ਜਾਂ ਕਾਲਜ ਪ੍ਰਬੰਧਕ ਜਿਨਸੀ ਸ਼ੋਸ਼ਣ ਤੱਕ ਕਰਦੇ ਹਨ, ਮਨ੍ਹਾ ਕਰਨ 'ਤੇ ਜ਼ਬਰੀ ਫੇਲ ਕਰਨ ਜਾਂ ਹੋਰ ਮਾਨਸਿਕ ਸੰਤਾਪ ਦੇਣ ਵਾਲੀਆਂ ਗਤੀਵਿਧੀਆਂ ਉਨ੍ਹਾਂ ਅਖੌਤੀ ਸੀਨੀਅਰਾਂ ਵੱਲੋਂ ਇਨ੍ਹਾਂ ਨਾਲ ਕੀਤੀਆਂ ਜਾਂਦੀਆਂ ਹਨ। ਮੈਡੀਕਲ ਖੇਤਰ ਵਿੱਚ ਇਹ ਮੰਦਭਾਗਾ ਰੁਝਾਨ ਲੰਮੇ ਸਮੇਂ ਤੋਂ ਚੱਲ ਰਿਹਾ ਕਿ ਸੀਨੀਅਰ ਡਾਕਟਰਾਂ ਦੁਆਰਾ ਆਪਣੇ ਜੂਨੀਅਰ (ਰੈਜੀਡੈਂਟ) ਡਾਕਟਰਾਂ ਨੂੰ ਮਰੀਜ਼ਾਂ ਸਾਹਮਣੇ ਹੀ ਜਲੀਲ ਕਰਨਾ ਜਿਸ ਕਾਰਨ ਕਈ ਵਾਰ ਉਹ ਇਹ ਸਭ ਕੁਝ ਨਾਂ ਸਹਿੰਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਤੱਕ ਕਰ ਲੈਂਦੇ ਹਨ। ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਇਨ੍ਹਾਂ ਦੁਆਰਾ 36-48 ਘੰਟੇ ਦੀ ਲਗਾਤਾਰ ਡਿਉਟੀ ਕਰਨਾ, ਅਰਾਮ ਕਰਨ ਜਾਂ ਕੁਝ ਸਮਾਂ ਬੈਠਣ ਲਈ ਕਮਰੇ ਤੱਕ ਦਾ ਪ੍ਰਬੰਧ ਨਾ ਹੋਣਾ, ਗਰਮੀਆਂ ਵਿੱਚ ਏਸੀ ਤਾਂ ਦੂਰ ਦੀ ਗੱਲ ਪੱਖੇ ਵੀ ਤਸੱਲੀਬਖਸ਼ ਹਾਲਤ ਵਿੱਚ ਨਹੀਂ ਹੁੰਦੇ। ਖਾਣ ਦਾ ਕੋਈ ਸਮਾਂ ਨਹੀਂ ਹੁੰਦਾ, ਕਈ ਵਾਰ ਤਾਂ ਕੰਮ ਦੀ ਬਹੁਤਾਤ ਕਰਕੇ ਇਹ ਵੀ ਨਸੀਬ ਨਹੀਂ ਹੁੰਦਾ। ਬਹੁਤ ਵਾਰ ਤਾਂ ਜੂਨੀਅਰ ਡਾਕਟਰਾਂ ਕੋਲ ਪਿਸ਼ਾਬ ਕਰਨ ਦਾ ਸਮਾ ਵੀ ਨਹੀਂ ਹੁੰਦਾ, ਅਗਰ ਕੋਈ ਜੂਨੀਅਰ ਡਾਕਟਰ ਆਪਣੇ ਸੀਨੀਅਰ ਤੋਂ ਇਸ ਸਬੰਧੀ ਪੰਜ ਮਿੰਟ ਦੀ ਇਜ਼ਾਜਤ ਮੰਗਦਾ ਹੈ ਤਾਂ ਸੀਨੀਅਰ ਦਾ ਵਿਵਹਾਰ ਪਾਕਿਸਤਾਨ ਵਰਗਾ ਹੁੰਦਾ ਹੈ ਜਿਵੇਂ ਭਾਰਤ ਨੇ ਉਸ ਤੋਂ ਮਕਬੂਜ਼ਾ ਕਸਮੀਰ ਮੰਗ ਲਿਆ ਹੋਵੇ। ਉਹ ਵਿਚਾਰਾ ਰੈਜੀਡੈਂਟ ਡਾਕਟਰ ਆਪਣੇ ਸੀਨੀਅਰ/ ਵਿਭਾਗ ਮੁਖੀ ਦੇ ਜਾਣ ਦੀ ਉਡੀਕ ਕਰਦਾ ਹੈ ਤਾਂ ਜੋ ਘੱਟੋ-ਘੱਟ ਰਫਾ ਹਾਜਤ ਲਈ ਜਾ ਸਕੇ। ਇਸ ਤੋਂ ਮਾੜੀ ਹਾਲਤ ਮਹਿਲਾ ਰੈਜੀਡੈਂਟ ਡਾਕਟਰਾਂ ਦੀ ਹੁੰਦੀ ਹੈ, ਮਾਹਵਾਰੀ ਦੇ ਦਿਨਾਂ ਦੌਰਾਨ ਉਨ੍ਹਾਂ ਨੂੰ ਸੈਨੇਟਰੀ ਪੈਡ ਤੱਕ ਬਦਲਣ ਲਈ ਸਖਤ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਤਸੱਲੀਬਖਸ਼ ਹਾਲਤ ਵਾਲੇ ਗੁਸਲਖਾਨੇ ਉੱਥੇ ਮੌਜੂਦ ਹੀ ਨਹੀਂ ਹੁੰਦੇ। ਇਥੇ ਇਹ ਵੱਡਾ ਸਵਾਲ ਹੈ ਕਿ ਲੱਖਾਂ ਰੁਪਏ ਖਰਚ ਕੇ, ਦਿਨ ਰਾਤ ਪੜ੍ਹ ਕੇ, ਫਿਰ ਵੀ ਅਜਿਹੇ ਹਾਲਾਤਾਂ ਵਿੱਚ ਡਾਕਟਰ ਬਣਨ ਵਾਲੇ ਬੱਚੇ ਕਿਵੇਂ ਇੱਥੇ ਟਿਕਣਗੇ, ਉਹ ਵਿਦੇਸ਼ਾਂ ਵੱਲ ਉਡਾਰੀ ਕਿਉਂ ਨਹੀਂ ਮਾਰਨਗੇ।

‘ਨਵਭਾਰਤ ਟਾਈਮਜ’ ਵਿੱਚ ਛਪੀ ਰਿਪੋਰਟ ਅਨੁਸਾਰ ਪਿਛਲੇ ਦਿਨੀਂ ਨੈਸ਼ਨਲ ਮੈਡੀਕਲ ਕਮਿਸ਼ਨ ਦੁਆਰਾ ਬਣਾਈ 15 ਮੈਂਬਰੀ ਟਾਸਕ ਫੋਰਸ ਨੇ ਦੇਸ਼ ਦੇ 38 ਹਜ਼ਾਰ ਮੈਡੀਕਲ ਵਿਦਿਆਰਥੀਆਂ, ਅਧਿਆਪਕਾਂ ਤੋਂ ਆਨਲਾਈਨ ਸਰਵੇ ਤਹਿਤ ਜਾਣਕਾਰੀ ਇਕੱਠੀ ਕੀਤੀ ਅਤੇ 150 ਸਫਿਆਂ ਦੀ ਆਪਣੀ ਵਿਸਤ੍ਰਿਤ ਰਿਪੋਰਟ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਸੌਂਪੀ ਹੈ। ਇਸ ਤਰ੍ਹਾਂ ਇਸ ਸਮੱਸਿਆ ਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੰਦਰਾਂ ਸੁਝਾਅ ਵੀ ਦਿੱਤੇ ਹਨ। ਉਕਤ ਰਿਪੋਰਟ ਵਿੱਚ ਸਾਡੇ ਦੇਸ਼ ਦੇ ਮੈਡੀਕਲ ਵਿਦਿਆਰਥੀਆਂ ਦਾ ਤਣਾਅ, ਡਿਪਰੈਸ਼ਨ, ਕੰਮ ਦਾ ਬੋਝ, ਸਮਾਜਿਕ ਜੀਵਨ ਦਾ ਪ੍ਰਭਾਵਿਤ ਹੋਣਾ ਅਤੇ ਆਤਮ ਹੱਤਿਆ ਕਰਨ ਬਾਰੇ ਸੋਚਣਾ ਜਾਂ ਕਰਨਾ ਆਦਿ ਬਾਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਗਿਆ ਹੈ। ਸਮੱਸਿਆ ਇੰਨੀ ਗੰਭੀਰ ਹੈ ਕਿ ਉਕਤ ਵਿਿਦਆਰਥੀ ਆਤਮ ਹੱਤਿਆ ਕਰਨ ਦੀ ਹੱਦ ਤੱਕ ਪਹੁੰਚ ਰਹੇ ਹਨ। ਟਾਸਕ ਫੋਰਸ ਦੇ ਕਮੇਟੀ ਮੈਂਬਰ ਡਾ. ਯੋਗੇਂਦਰ ਮਲਿਕ ਦਾ ਮੰਨਣਾ ਹੈ ਕਿ ‘ਇਹ ਆਮ ਦੇਖਣ ਨੂੰ ਮਿਲ ਰਿਹਾ ਹੈ ਕਿ ਦੇਸ਼ ਦੇ ਮੈਡੀਕਲ ਵਿਿਦਆਰਥੀਆਂ 'ਤੇ ਤਣਾਅ, ਡਿਪਰੈਸ਼ਨ, ਅਨਜਾਇਟੀ (ਚਿੰਤਾ) ਆਦਿ ਉਨ੍ਹਾ 'ਤੇ ਭਾਰੀ ਪੈ ਰਹੀ ਹੈ ਜਿਸ ਕਾਰਨ ਮਾਨਸਿਕ ਰੂਪ 'ਚ ਅਗਰ ਬੀਮਾਰ ਵਿਿਦਆਰਥੀ ਡਾਕਟਰ ਬਣਨਗੇ ਜਿਸ ਦਾ ਅਸਰ ਮਰੀਜ਼ਾਂ ਦੀ ਸਿਹਤ 'ਤੇ ਵੀ ਪਵੇਗਾ’। ਇਸ ਅਧਿਐਨ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਸਾਡੇ ਦੇਸ਼ ਦੇ ਪੰਜਾਹ ਫ਼ੀਸਦੀ ਤੋਂ ਜਿਆਦਾ ਮੈਡੀਕਲ ਵਿਿਦਆਰਥੀ ਤਣਾਅ ਦੇ ਸ਼ਿਕਾਰ ਪਾਏ ਗਏ ਹਨ। ਦੱਖਣ ਭਾਰਤ ਵਿੱਚ ਕੀਤੇ ਅਧਿਐਨ ਅਨੁਸਾਰ 37 ਫ਼ੀਸਦੀ ਮੈਡੀਕਲ ਵਿਦਿਆਰਥੀ ਡਿਪਰੈਸ਼ਨ, 51 ਫ਼ੀਸਦੀ ਤਣਾਅ ਆਦਿ ਨਾਲ ਜੂਝ ਰਹੇ ਹਨ। ਉੱਤਰੀ ਭਾਰਤ ਵਿੱਚ 3882 ਮੈਡੀਕਲ ਵਿਿਦਆਰਥੀਆਂ 'ਤੇ ਹੋਏ ਅਧਿਐਨ ਅਨੁਸਾਰ 39 ਫ਼ੀਸਦੀ ਮਾਨਸਿਕ ਸਮੱਸਿਆਵਾਂ ਤੋਂ ਗ੍ਰਸਿਤ ਹਨ, 21.5 ਫ਼ੀਸਦੀ ਡਿਪਰੈਸ਼ਨ ਅਤੇ 7.6 ਫ਼ੀਸਦੀ ਵੱਡੇ ਮਾਨਸਿਕ ਰੋਗਾਂ ਤੋਂ ਪੀੜਿਤ ਹਨ। ਨੈਸ਼ਨਲ ਕਰਾਈਮ ਰਿਕਾਰਡ ਬਿਉਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਦੇ 122 ਮੈਡੀਕਲ ਵਿਦਿਆਰਥੀਆਂ ਨੇ ਆਤਮ ਹੱਤਿਆ ਕੀਤੀ ਹੈ, ਇਨ੍ਹਾਂ 'ਚੋਂ 64 ਵਿਦਿਆਰਥੀ ਅੰਡਰ ਗ੍ਰੈਜੂਏਟ ਅਤੇ 58 ਪੋਸਟ ਗ੍ਰੈਜੂਏਟ ਸਨ। ਇੱਕ ਅੰਦਾਜ਼ੇ ਮੁਤਾਬਕ ਹਰ ਸਾਲ ਦੇਸ਼ ਅੰਦਰ 25-26 ਮੈਡੀਕਲ ਵਿਦਿਆਰਥੀ/ ਰੈਜੀਡੈਂਟ ਡਾਕਟਰ ਆਤਮ ਹੱਤਿਆ ਕਰਦੇ ਹਨ।

ਇਸੇ ਰਿਪੋਰਟ ਵਿੱਚ ਇੱਕ ਸੰਸਥਾ ਦਾ ਹਵਾਲਾ ਦਿੰਦੇ ਹੋਏ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਦੱਸਿਆ ਹੈ ਕਿ ਉਕਤ ਸੰਸਥਾ ਦੁਆਰਾ ਸਾਲ 2022 ਵਿੱਚ ਕੀਤੇ ਅਧਿਐਨ ਅਨੁਸਾਰ ਜਨਵਰੀ 2010 ਤੋਂ ਦਸੰਬਰ 2019 ਤੱਕ ਦੇਸ਼ ਦੇ ਮੈਡੀਕਲ ਪ੍ਰਬੰਧ ਵਿੱਚ ਕੁੱਲ 358 ਆਤਮ ਹੱਤਿਆ ਦੀਆਂ ਘਟਨਾਵਾਂ ਦਰਜ ਹੋਈਆਂ। ਇਸ ਵਿੱਚ 125 ਮੈਡੀਕਲ ਵਿਦਿਆਰਥੀ, 105 ਰੈਜੀਡੈਂਟ ਡਾਕਟਰ ਅਤੇ 128 ਫਿਜੀਸ਼ੀਅਨ ਸਨ। ਹਾਲ 'ਚ ਹੀ 787 ਮੈਡੀਕਲ ਵਿਦਿਆਰਥੀਆਂ 'ਤੇ ਕੀਤੀ ਸਟੱਡੀ ਅਨੁਸਾਰ ਇਨ੍ਹਾਂ 'ਚੋਂ 37 ਫ਼ੀਸਦੀ ਦੇ ਮਨ ਵਿੱਚ ਕਦੇ ਨਾ ਕਦੇ ਆਤਮ ਹੱਤਿਆ ਕਰਨ ਦਾ ਵਿਚਾਰ ਆਇਆ ਹੈ। 11 ਫ਼ੀਸਦੀ ਨੇ ਆਤਮ ਹੱਤਿਆ ਦੀ ਯੋਜਨਾ ਤੱਕ ਬਣਾਈ ਹੈ, 03 ਫ਼ੀਸਦੀ ਨੇ ਕੋਸ਼ਿਸ਼ ਕੀਤੀ ਹੈ ਅਤੇ 07 ਫ਼ੀਸਦੀ ਨੇ ਮਾੜੇ ਹਾਲਾਤਾਂ ਦੇ ਚਲਦਿਆਂ ਭਵਿੱਖ 'ਚ ਕਦੇ ਅਜਿਹਾ ਕਦਮ ਉਠਾਉਣ ਬਾਰੇ ਦੱਸਿਆ ਹੈ।

ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਨੈਸ਼ਨਲ ਮੈਡੀਕਲ ਕਮਿਸ਼ਨ ਟਾਸਕ ਫੋਰਸ ਨੇ ਕੁਝ ਸੁਝਾਅ ਦਿੱਤੇ ਹਨ ਜੋ ਦੇਸ਼ ਦੇ ਸਾਰੇ ਮੈਡੀਕਲ ਕਾਲਜਾਂ/ ਹਸਪਤਾਲਾਂ ਨੂੰ ਮੰਨਣੇ ਪੈਣਗੇ ਤਾਂ ਜੋ ਮੈਡੀਕਲ ਵਿਦਿਆਰਥੀਆਂ ਅਤੇ ਰੈਜੀਡੈਂਟ ਡਾਕਟਰਾਂ ਦੇ ਮਾਨਸਿਕ ਸੰਤਾਪ ਨੂੰ ਘਟਾਇਆ ਜਾ ਸਕੇ। ਸਭ ਤੋਂ ਪਹਿਲਾਂ ਰੈਜੀਡੈਂਟ ਡਾਕਟਰਾਂ ਦੀ ਡਿਉਟੀ ਹਫਤੇ ਵਿੱਚ 74 ਘੰਟੇ ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਅਤੇ ਹਫਤਾਵਾਰੀ ਛੁੱਟੀ ਹੋਵੇ। ਸਾਲ ਵਿੱਚ ਇੱਕ ਵਾਰ ਦਸ ਦਿਨਾਂ ਦੀ ਇਕੱਠੀ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਸਕੇ। ਈ-ਸ਼ਿਕਾਇਤ ਪੋਰਟਲ, ਪ੍ਰੀਖਿਆ ਦਾ ਨਤੀਜਾ ਰੋਲ ਨੰਬਰ ਅਨੁਸਾਰ ਹੋਵੇ ਨਾ ਕਿ ਪੂਰੀ ਜਮਾਤ ਦਾ ਇਕੱਠਾ ਨਤੀਜਾ ਨੋਟਿਸ ਬੋਰਡ 'ਤੇ ਲਗਾਇਆ ਜਾਵੇ, ਸਪਲੀਮੈਂਟਰੀ ਇਮਤਿਹਾਨ ਦੀ ਸ਼ੁਰੂਆਤ ਹੋਵੇ, ਜਾਣ ਬੁੱਝ ਕੇ ਫੇਲ ਕਰਕੇ ਪੈਸੇ ਕਮਾਉਣ ਵਾਲੇ ਕਾਲਜਾਂ ਨੂੰ ਮੋਟਾ ਜੁਰਮਾਨਾ ਲਗਾਇਆ ਜਾਵੇ ਆਦਿ।
ਉਪਰੋਕਤ ਸੁਝਾਵਾਂ ਤੋਂ ਬਿਨਾਂ ਕਾਲਜ ਪ੍ਰਬੰਧਕ, ਸੀਨੀਅਰ ਡਾਕਟਰ ਅਤੇ ਵਿਭਾਗ ਮੁਖੀ ਅਨੁਸ਼ਾਸ਼ਨ ਦੇ ਨਾਮ 'ਤੇ ਇਨ੍ਹਾਂ ਜੂਨੀਅਰ ਡਾਕਟਰਾਂ ਦਾ ਮਾਨਸਿਕ ਜਾਂ ਸਰੀਰਕ ਸ਼ੋਸ਼ਣ ਨਾ ਕਰਨ। ਇਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਣ ਤੇ ਵਿਵਹਾਰ ਕਰਨ। ਸਗੋਂ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਆਪ ਅੱਗੇ ਆ ਕੇ ਹੱਲ ਕਰਨ ਨੂੰ ਤਰਜ਼ੀਹ ਦੇਣ। ਗਲਤੀ ਹੋਣ 'ਤੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਾਹਮਣੇ ਜਲੀਲ ਨਾ ਕੀਤਾ ਜਾਵੇ, ਸੀਨੀਅਰ ਤਾਂ ਬੋਲ ਕੇ ਚਲੇ ਜਾਂਦੇ ਹਨ ਪਰ ਉਸ ਰੈਜੀਡੈਂਟ ਡਾਕਟਰ ਨੇ ਤਾਂ ਲਗਾਤਾਰ ਉੱਥੇ ਡਿਉਟੀ ਕਰਨੀ ਹੁੰਦੀ ਹੈ।

ਇਸ ਦਾ ਮਾੜਾ ਨਤੀਜਾ ਇਹ ਨਿਕਲਦਾ ਹੈ ਕਿ ਮੌਤ ਦੀ ਕਗਾਰ 'ਤੇ ਪਹੁੰਚੇ ਅਗਰ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਲੋਕ ਸਮਝਦੇ ਹਨ ਕਿ ਇਸ ਨਲਾਇਕ ਡਾਕਟਰ ਦੀ ਨਲਾਇਕੀ ਕਾਰਨ ਸਾਡੇ ਮਰੀਜ਼ ਦੀ ਮੌਤ ਹੋਈ ਹੈ। ਸਭ ਤੋਂ ਵੱਡੀ ਗੱਲ ਸਾਰੇ ਰੈਜੀਡੈਂਟ ਡਾਕਟਰ ਆਪਣੀ ਏਕਤਾ ਕਾਇਮ ਕਰਨ, ਹੁਣ ਵੀ ਤਾਂ ਸਾਰੇ ਇਕੱਠੇ ਹੋਏ ਹੀ ਹੋ। ਜੇਕਰ ਕਿਸੇ ਇੱਕ ਨਾਲ ਵੀ ਬੇਇਨਸਾਫੀ ਹੁੰਦੀ ਹੈ ਤਾਂ ਸਾਰੇ ਉਸ ਦਾ ਡਟ ਕੇ ਸਾਥ ਦੇਣ ਅਤੇ ਮੂੰਹ ਤੋੜ ਜਵਾਬ ਦੇਣ ਫਿਰ ਹੀ ਇਹ ਵਧੀਕੀਆਂ ਖਤਮ ਹੋ ਸਕਦੀਆਂ ਹਨ, ਨਹੀਂ ਤਾਂ ਕਿਸੇ ਦੀ ਆਬਰੂ, ਮਾਣ ਸਨਮਾਨ ਇਸੇ ਤਰ੍ਹਾਂ ਰੁਲਦਾ ਰਹੇਗਾ। ਹੋਰਨਾਂ ਵਿਭਾਗਾਂ ਦੇ ਮੁਕਾਬਲੇ ਮੈਡੀਕਲ ਖੇਤਰ ਵਿੱਚ ਲੋਕ ਆਪਣੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਤੋਂ ਕਤਰਾਉਂਦੇ ਹਨ ਜੋ ਮੰਦਭਾਗਾ ਹੈ।ਅਗਰ ਇਹ ਰੈਜੀਡੈਂਟ ਡਾਕਟਰ ਆਪ ਹੀ ਮਾਨਸਿਕ ਰੂਪ ਵਿੱਚ ਤੰਦਰੁਸਤ ਨਹੀਂ ਹੋਣਗੇ ਤਾਂ ਮਰੀਜ਼ਾਂ ਨੂੰ ਤੰਦਰੁਸਤੀ ਦਾ ਵਰਦਾਨ ਕਿਸ ਤਰ੍ਹਾਂ ਦੇਣਗੇ।

ਡਾ. ਗੁਰਤੇਜ ਸਿੰਘ
ਪਿੰਡ ਤੇ ਡਾਕ. ਚੱਕ ਬਖਤੂ
ਤਹਿ. ਤੇ ਜ਼ਿਲ੍ਹਾ ਬਠਿੰਡਾ- 151101
ਸੰਪਰਕ: 95173-96001

ਵੀਡੀਓ

ਹੋਰ
Have something to say? Post your comment
X