ਦੋ ਭਾਈਚਾਰਿਆਂ ਵੱਲੋਂ ਇੱਕ-ਦੂਜੇ ‘ਤੇ ਪਥਰਾਅ, ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ
ਸਥਿਤੀ ਨੂੰ ਕਾਬੂ ਕਰਨ ਲਈ ਫੋਰਸ ਤਾਇਨਾਤ, ਇੰਟਰਨੈਟ ਬੰਦ, ਕਰਫਿਊ ਲਗਾਇਆ
ਹੈਦਰਾਬਾਦ, 5 ਸਤੰਬਰ, ਦੇਸ਼ ਕਲਿਕ ਬਿਊਰੋ :
ਤੇਲੰਗਾਨਾ ਦੇ ਕੁਮੁਰਮ ਭੀਮ ਆਸਿਫਾਬਾਦ ਜ਼ਿਲੇ ਦੇ ਜੈਨੂਰ 'ਚ 45 ਸਾਲਾ ਆਦਿਵਾਸੀ ਔਰਤ ਨਾਲ ਬਲਾਤਕਾਰ ਅਤੇ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਤੋਂ ਬਾਅਦ ਆਦਿਵਾਸੀ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ।
ਬੁੱਧਵਾਰ (4 ਸਤੰਬਰ) ਦੀ ਸਵੇਰ ਤੋਂ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਦੁਪਹਿਰ ਤੱਕ ਦੋ ਧੜਿਆਂ ਵਿਚਾਲੇ ਹਿੰਸਕ ਝੜਪ ਵਿੱਚ ਬਦਲ ਗਿਆ। ਪੁਲਸ ਨੇ ਦੱਸਿਆ ਕਿ ਦੋਸ਼ੀ ਅਤੇ ਪੀੜਤ ਵੱਖ-ਵੱਖ ਧਰਮਾਂ ਨਾਲ ਸਬੰਧਤ ਹਨ।
ਕਰੀਬ 2 ਹਜ਼ਾਰ ਪ੍ਰਦਰਸ਼ਨਕਾਰੀ ਆਦਿਵਾਸੀਆਂ ਨੇ ਦੋਸ਼ੀ ਭਾਈਚਾਰੇ ਦੇ ਲੋਕਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਧਾਰਮਿਕ ਸਥਾਨ 'ਤੇ ਪਥਰਾਅ ਕੀਤਾ। ਦੁਕਾਨਾਂ ਵੀ ਸਾੜ ਦਿੱਤੀਆਂ ਗਈਆਂ। ਜਵਾਬ 'ਚ ਦੋਸ਼ੀ ਭਾਈਚਾਰੇ ਦੇ ਲੋਕਾਂ ਨੇ ਵੀ ਅੱਗਜ਼ਨੀ ਅਤੇ ਪੱਥਰਬਾਜ਼ੀ ਕੀਤੀ।
ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਜੈਨੂਰ ਕਸਬੇ ਵਿੱਚ ਭਾਰਤੀ ਸਿਵਲ ਸੁਰੱਖਿਆ ਕੋਡ (ਬੀਐਨਐਸਐਸ) ਦੀ ਧਾਰਾ 163 ਲਾਗੂ ਕਰ ਦਿੱਤੀ ਗਈ ਹੈ। ਸਥਿਤੀ ਵਿਗੜਦੀ ਦੇਖ ਪ੍ਰਸ਼ਾਸਨ ਨੇ ਇਲਾਕੇ ਵਿੱਚ ਇੰਟਰਨੈੱਟ ਬੰਦ ਕਰਕੇ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਵਧਾ ਦਿੱਤੀ ਹੈ।
ਬੁੱਧਵਾਰ ਸ਼ਾਮ ਤੱਕ ਰੈਪਿਡ ਐਕਸ਼ਨ ਫੋਰਸ ਨੂੰ ਬੁਲਾਇਆ ਗਿਆ ਅਤੇ ਇਲਾਕੇ 'ਚ ਕਰਫਿਊ ਲਗਾ ਦਿੱਤਾ ਗਿਆ। ਪੁਲਿਸ ਨੇ ਦੇਰ ਸ਼ਾਮ ਕਿਹਾ ਕਿ ਸਥਿਤੀ ਹੁਣ ਕਾਬੂ ਹੇਠ ਹੈ, ਪਰ ਅਜੇ ਤੱਕ ਕਰਫਿਊ ਨਹੀਂ ਹਟਾਇਆ ਗਿਆ ਹੈ।