ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 9 ਸਤੰਬਰ ( ਭਟੋਆ)
ਜਿਲਾ ਰੂਪਨਗਰ ਦੇ ਪੁਲਿਸ ਮੁਖੀ ਸ੍ਰੀ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਅਤੇ ਲੁੱਟਾਂ ਖੋਹਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਡੀਐਸਪੀ ਮਨਜੀਤ ਸਿੰਘ ਔਲਖ ਦੀ ਦੇਖ ਰੇਖ ਹੇਠ ਅਤੇ ਐਸਐਚ ਓ ਇੰਸਪੈਕਟਰ ਰੋਹਤ ਸ਼ਰਮਾ ਦੀ ਅਗਵਾਈ ਹੇਠ ਚਾਰ ਨੌਜਵਾਨਾਂ ਨੂੰ ਲੁੱਟ ਖੋਹ ਦੇ 03 ਮੋਟਰਸਾਈਕਲ ਅਤੇ ਅੱਧੀ ਦਰਜਨ ਤੋਂ ਵੱਧ ਮੋਬਾਇਲ ਫੋਨਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਏਐਸਆਈ ਸੁਰਿੰਦਰ ਸਿੰਘ , ਗਾਂਧੀ ਚੌਂਕ, ਸ੍ਰੀ ਚਮਕੌਰ ਸਾਹਿਬ ਵਿਖੇ ਨਾਕਾਬੰਦੀ ਤੇ ਮੌਜੂਦ ਸੀ ਜਿੱਥੇ ਮੁਖਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਕਿ ਅਵਤਾਰ ਸਿੰਘ ਪੁੱਤਰ ਮਨਜੀਤ ਸਿੰਘ ਨਿਵਾਸੀ ਮਹੱਲਾ ਰਾਈਵਾੜਾ ਅਤੇ ਦਮਨਜੀਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਪਿੰਡ ਮੰਡੇਰਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ, ਚੋਰੀ ਦੇ ਮੋਟਰਸਾਈਕਲ ਉੱਤੇ ਰੋਪੜ ਵੱਲੋਂ ਆ ਰਹੇ ਹਨ। ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਏਐਸਆਈ ਸੁਰਿੰਦਰ ਸਿੰਘ ਵੱਲੋਂ ਦੋਨੋਂ ਦੋਸ਼ੀਆਂ ਨੂੰ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਕਾਬੂ ਕਰਕੇ ਬੀਐਨਐਸ ਦੀ ਧਾਰਾ 303 (2) ਅਧੀਨ ਮੁਕਦਮਾ ਦਰਜ ਕਰਕੇ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਆਪਣੇ ਹੋਰ ਸਾਥੀਆਂ ਅਜੇਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਵੇਈਪੇਈ, ਜ਼ਿਲਾ ਤਰਨਤਾਰਨ ਅਤੇ ਹਰਪ੍ਰੀਤ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਮੁੰਡਾ ਜਿਲ੍ਹਾ ਤਰਨਤਾਰਨ ਬਾਰੇ ਦੱਸਿਆ। ਜਿਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਦੋਸ਼ੀਆਂ ਕੋਲੋਂ ਵੱਖ ਵੱਖ ਥਾਵਾਂ ਤੋਂ ਵੱਖ ਵੱਖ ਕੰਪਨੀਆਂ ਦੇ ਚੋਰੀ ਕੀਤੇ 03 ਮੋਟਰਸਾਈਕਲ ਅਤੇ 07 ਮੋਬਾਇਲ ਫੋਨ ਤੇ 02 ਤਲਵਾਰਾਂ ਬਰਾਮਦ ਕੀਤੀਆਂ ਗਈਆਂ, ਜਿਨਾਂ ਦੀ ਮਦਦ ਨਾਲ ਦੋਸ਼ੀ , ਰਾਹਗੀਰਾਂ ਨੂੰ ਡਰਾ ਧਮਕਾ ਕੇ ਉਹਨਾਂ ਕੋਲੋਂ ਮੋਬਾਇਲ ਫੋਨ ਖੋਹ ਲੈਂਦੇ ਸਨ। ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਉਪਰੋਕਤ ਚਾਰੋ ਦੋਸ਼ੀਆਂ ਵਿਰੁੱਧ ਅਗਲੇਰੀ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।